ਸ੍ਰੀ ਕਿ੍ਰਸ਼ਨ ਕਹਿੰਦੇ ਹਨ, ਜਿਸਨੇ ਯੋਗ ਦੁਆਰਾ ਕਰਮ ਨੂੰ ਤਿਆਗ ਦਿੱਤਾ ਹੈ, ਅਤੇ ਅਪਣੇ ਭੁਲੇਖਿਆਂ ਨੂੰ ਗਿਆਨ ਰਾਹੀਂ ਦੂਰ ਕਰ ਦਿੱਤਾ ਹੈ, ਉਹ ਅਪਣੇ ਆਪ ਵਿੱਚ ਸਥਿਰ ਹੋ ਜਾਂਦਾ ਹੈ, ਕਰਮ ਉਸ ਉੱਤੇ ਬੰਧਨ ਨਹੀਂ ਲਾਉਂਦੇ (4.41)। ਇਸ ਲਈ ਅਪਣੇ ਮਨ ਵਿੱਚ ਪੈਦਾ ਹੋਣ ਵਾਲੇ ਅਗਿਆਨੀ ਭਰਮ ਭੁਲੇਖਿਆਂ ਨੂੰ ਸਿਆਣਪ (ਜਾਂ ਗਿਆਨ) ਰੂਪੀ ਤਲਵਾਰ ਨਾਲ ਕੱਟ ਕੇ ਯੋਗ ਵਿੱਚ ਸਥਿਰ ਹੋ ਜਾ (4.42)। ਸ੍ਰੀ ਕਿ੍ਰਸ਼ਨ ਸਾਨੂੰ ਕਰਮ ਦੇ ਬੰਧਨਾਂ ਤੋਂ ਮੁਕਤ ਹੋਣ ਲਈ ਗਿਆਨ ਜਾਂ ਸਿਆਣਪ ਦੀ ਤਲਵਾਰ ਦੀ ਵਰਤੋਂ ਕਰਨ ਦੀ ਸਲਾਹ ਦਿੰਦੇ ਹਨ।
ਜਦੋਂ ਕਦੇ ਸਾਡੇ ਦੁਆਰਾ ਕੀਤੇ ਗਏ ਜਾਂ ਨਾ ਕੀਤੇ ਗਏ ਕਾਰਜਾਂ ਦੁਆਰਾ ਕੁਝ ਚੀਜ਼ਾਂ ਜਾਂ ਰਿਸ਼ਤਿਆਂ ਨੂੰ ਨੁਕਸਾਨ ਹੰੁਦਾ ਹੈ, ਜਿਸ ਕਾਰਨ ਸਾਨੂੰ ਪਛਤਾਵਾ ਹੰੁਦਾ ਹੈ, ਉਹ ਪਛਤਾਵਾ ਇਕ ਪ੍ਰਕਾਰ ਦਾ ਕਰਮ ਬੰਧਨ ਹੈ। ਇਸੇ ਤਰ੍ਹਾਂ ਸਾਡੇ ਜੀਵਨ ਨੂੰ ਨਕਾਰਾਤਮਕ ਰੂਪ ਨਾਲ ਪ੍ਰਭਾਵਿਤ ਕਰਨ ਵਾਲੇ ਦੂਜਿਆਂ ਦੁਆਰਾ ਕੀਤੇ ਕਾਰਜ ਜਾਂ ਨਾ ਕੀਤੇ ਗਏ ਕਾਰਜਾਂ ਲਈ ਅਸੀਂ ਜੋ ਨਿੰਦਾ ਕਰਦੇ ਹਾਂ, ਉਹ ਵੀ ਇਕ ਤਰ੍ਹਾਂ ਦਾ ਕਰਮ ਬੰਧਨ ਹੈ। ਗਿਆਨ ਜਾਂ ਸਿਆਣਪ ਦੀ ਤਲਵਾਰ ਹੀ ਇਕ ਮਾਤਰ ਸਾਧਨ ਹੈ ਜੋ ਸਾਨੂੰ ਪਛਤਾਵੇ ਅਤੇ ਨਿੰਦਾ ਦੇ ਜਟਿਲ ਜਾਲ ਤੋਂ ਖੁਦ ਨੂੰ ਬਾਹਰ ਕੱਢਣ ਵਿੱਚ ਮੱਦਦ ਕਰਦੀ ਹੈ।
ਗੀਤਾ ਦੇ ਚੌਥੇ ਅਧਿਆਇ ਨੂੰ ਗਿਆਨ ਕਰਮ ਸੰਨਿਆਸ ਯੋਗ ਕਿਹਾ ਗਿਆ ਹੈ। ਇਹ ਇਸ ਗੱਲ ਤੋਂ ਸ਼ੁਰੂ ਹੰੁਦਾ ਹੈ ਕਿ ਪ੍ਰਮਾਤਮਾ ਕਿਵੇਂ ਕਰਮ ਕਰਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਸਾਰੇ ਕਰਮਾਂ ਨੂੰ ਯੱਗ ਦੀ ਤਰ੍ਹਾਂ ਨਿਰਸੁਆਰਥ ਹੋ ਕੇ ਕਰਨਾ ਚਾਹੀਦਾ ਹੈ। ਸ੍ਰੀ ਕਿ੍ਰਸ਼ਨ ਉਦੋਂ ਗਿਆਨ ਦਾ ਪੱਖ ਪੇਸ਼ ਕਰਦੇ ਹਨ ਜਦੋਂ ਉਹ ਕਹਿੰਦੇ ਹਨ ਕਿ ਬਿਨਾਂ ਕਿਸੇ ਅੱਪਵਾਦ ਜਾਂ ਸੁਆਰਥ ਦੇ ਕੀਤੇ ਗਏ ਸਾਰੇ ਕਾਰਜ ਗਿਆਨ ਦੀ ਸਿਖਰ ਹੰੁਦੇ ਹਨ (4.33)। ਸਾਰਅੰਸ਼ ਦੇ ਤੌਰ ਤੇ ਗਿਆਨ ਦਾ ਅਰਥ ਹੈ, ਸਿਆਣਪ ਜਾਂ ਜਾਗਰੂਕਤਾ। ਇਹ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਜਾਗਰੂਕਤਾ ਨਾਲ ਕਰਮ ਕਰਨਾ ਹੀ ਸੰਨਿਆਸ ਹੈ। ਸੰਨਿਆਸ ਸੰਸਾਰਿਕ ਵਸਤਾਂ ਜਾਂ ਕਾਰਜਾਂ ਨੂੰ ਤਿਆਗ ਕੇ ਜ਼ਿੰਮੇਵਾਰੀਆਂ ਤੋਂ ਬਚਣ ਜਾਂ ਭੱਜਣ ਦਾ ਮਾਰਗ ਨਹੀਂ ਹੈ। ਸ੍ਰੀ ਕਿ੍ਰਸ਼ਨ ਲਈ ਸੰਨਿਆਸ ਦਾ ਅਰਥ ਹੈ ਕਿ ਅਪਣੀ ਸਮਰੱਥਾ ਦੇ ਅਨੁਸਾਰ ਜਾਗਰੂਕਤਾ ਅਤੇ ਸਿਆਣਪ ਹੈ ਕਿ ਸਾਨੂੰ ਸੌਂਪੇ ਗਏ ਕਰਮਾਂ ਨੂੰ ਸਾਨੂੰ ਉੱਤਮ ਢੰਗ ਨਾਲ ਸਿਰੇ ਲਾਉਣਾ ਹੈ। ਇਹ ਅਸਲ ਵਿੱਚ ਕੋਈ ਪਲਾਇਨ ਨਹੀਂ ਹੈ ਕਿਉਂਕਿ ਸ਼ਾਂਤੀ ਲਈ ਜ਼ਰੂਰੀ ਗਿਆਨ ਸਾਡੇ ਅੰਦਰ ਹੀ ਹੈ, ਜੋ ਖੋਜੇ ਜਾਣ ਦੀ ਉਡੀਕ ਕਰ ਰਿਹਾ ਹੰੁਦਾ ਹੈ।
ਜਦੋਂ ਅਸੀਂ ਜਾਗਰੂਕਤਾ ਅਤੇ ਸਿਆਣਪ ਨਾਲ ਭਰ ਜਾਂਦੇ ਹਾਂ ਤਾਂ ਨਰਕ ਵੀ ਸਵਰਗ ਬਣ ਜਾਂਦਾ ਹੈ, ਇਸਦੇ ਉਲਟ ਇਕ ਅਗਿਆਨੀ ਮਨ ਸਵਰਗ ਨੂੰ ਵੀ ਨਰਕ ਵਿੱਚ ਬਦਲ ਸਕਦਾ ਹੈ। ਅਸਲ ਵਿੱਚ ਇਸਦੀ ਕੁੰਜੀ ਅੰਦਰੂਨੀ ਜਾਂ ਆਂਤਰਿਕ ਪਰਿਵਰਤਨ ਹੈ।