ਕਿੰਨੀਆਂ ਤਨਖ਼ਾਹਾਂ ਦੇਣੀਆਂ, ਵਿਕਟੋਰੀਆ ਦੀ ਲੇਬਰ ਸਰਕਾਰ ਨੂੰ ਪਤਾ ਹੀ ਨਹੀਂ
ਉਂਝ ਤਾਂ ਆਮ ਸ਼ਹਿਰੀ ਦੇ ਤੌਰ 'ਤੇ ਅਸੀਂ ਇਹੀ ਮੰਨਦੇ ਹਾਂ ਸਰਕਾਰ ਨੂੰ ਸਭ ਪਤਾ ਹੁੰਦਾ। ਪਰ ਵਿਕਟੋਰੀਆ ਦੀ ਲੇਬਰ ਪਾਰਟੀ ਦੀ ਸਰਕਾਰ ਨੇ ਪਿਛਲੇ ਇੱਕ ਦਹਾਕੇ ਤੋਂ ਜਿਵੇਂ ਬਜਟ ਪੇਸ਼ ਕੀਤੇ ਹਨ ਉਸ ਤੋਂ ਨਹੀਂ ਲੱਗਦਾ ਕਿ ਸਰਕਾਰ ਨੂੰ ਸਭ ਪਤਾ ਹੁੰਦਾ। Herald Sun ਦੁਆਰਾ ਪ੍ਰਕਾਸ਼ਿਤ ਖ਼ਬਰ 'ਚ ਦੱਸਿਆ ਗਿਆ ਹੈ ਕਿ ਸਾਲ 2014 ਤੋਂ (ਜਦੋਂ ਤੋਂ ਲੇਬਰ ਪਾਰਟੀ ਵਿਕਟੋਰੀਆ ਦੀ ਸੱਤਾ 'ਚ ਆਈ ਹੈ) ਐਂਡਰਿਊ-ਐਲਨ ਸਰਕਾਰ 'ਚ ਹੁਣ ਸਰਕਾਰੀ ਕਮਰਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਤਨਖ਼ਾਹਾਂ 'ਚ $17 ਬਿਲੀਅਨ ਡਾਲਰ ਦਾ ਇਜ਼ਾਫ਼ਾ ਹੋ ਚੁੱਕਿਆ ਹੈ। ਜੇਕਰ ਇਸੇ ਤਰੀਕੇ ਨਾਲ ਚੱਲਦਾ ਰਿਹਾ ਤਾਂ ਇਹੀ ਖਰਚ 2026 ਤੱਕ $40 ਬਿਲੀਅਨ ਡਾਲਰ ਹੋ ਜਾਵੇਗਾ।
ਹਾਲਾਂਕਿ ਤਨਖ਼ਾਹਾਂ ਦੇਣਾ ਮਸਲਾ ਨਹੀਂ ਹੈ, ਪਰ ਖ਼ਬਰ ਅਨੁਸਾਰ ਵਿਕਟੋਰੀਆ ਸਰਕਾਰ ਇਸ ਗੱਲ ਦਾ ਅੰਦਾਜ਼ਾ ਹੀ ਨਹੀਂ ਲਗਾ ਪਾ ਰਹੀ ਹੈ ਕਿ ਉਹਨਾਂ ਦੇ ਖਰਚੇ ਕਿੰਨੇ ਹੋ ਰਹੇ ਹਨ। ਸਾਲ 2018-19 ਦੇ ਬਜਟ 'ਚ ਵਿਕਟੋਰੀਆ ਸਰਕਾਰ ਨੇ ਅੰਦਾਜ਼ਾ ਲਗਾਇਆ ਸੀ ਕਿ ਉਹਨਾਂ ਦਾ ਖਰਚ $84.3 ਬਿਲੀਅਨ ਡਾਲਰ ਹੋਵੇਗਾ, ਜਦਕਿ ਅਸਲ ਖਰਚ $89.9 ਬਿਲੀਅਨ ਡਾਲਰ ਹੋ ਗਿਆ।
ਵਿਰੋਧੀ ਧਿਰ ਦੇ ਵਿੱਤ ਮਹਿਕਮੇ ਦੇ ਬੁਲਾਰੇ Jess Wilson ਨੇ ਕਿਹਾ ਕਿ ਜੇਕਰ ਸਰਕਾਰ ਨੂੰ ਇਹ ਨਹੀਂ ਪਤਾ ਕਿ ਖਰਚੇ ਕਿੰਨੇ ਹੋ ਰਹੇ ਹਨ ਤਾਂ ਕਰਜ਼ ਦਾ ਵੀ ਸਹੀ ਅਨੁਮਾਨ ਨਹੀਂ ਦੱਸਿਆ ਜਾ ਸਕਦਾ। ਦੱਸ ਦਈਏ ਕਿ ਮੌਜੂਦਾ ਬਜਟ ਦੌਰਾਨ ਸਰਕਾਰ ਨੇ ਕਿਆਸ ਲਗਾਏ ਹਨ ਕਿ ਵਿਕਟੋਰੀਆ ਸਿਰ 2026-27 ਤੱਕ ਕਰਜ਼ $187.8 ਬਿਲੀਅਨ ਡਾਲਰ ਹੋ ਜਾਵੇਗਾ। ਉਹ ਵੀ ਤਾਂ ਜੇਕਰ ਇਸ ਬਜਟ 'ਚ ਸਰਕਾਰ ਨੇ ਖਰਚ ਦੇ ਸਹੀ ਅੰਕੜੇ ਰੱਖੇ ਹੋਏ ਤਾਂ।